Pages

Thursday, March 1, 2012

ਮੀਨੂੰ ਸਿੰਘ ਦੀ ਗਾਇਕੀ ਦੇ ਅੰਬਰ ’ਤੇ ਪਹਿਲੀ ਪਰਵਾਜ਼ ‘ਇਸ਼ਕ ਮੁਹੱਬਤ ਪਿਆਰ’


ਸੁਰੀਲੀ ਗਾਇਕਾ ਮੀਨੂੰ ਸਿੰਘ ਪੰਜਾਬੀ ਸੰਗੀਤ ਖੇਤਰ ਦੀ ਇੱਕ ਨਵੀਂ ਆਵਾਜ਼ ਹੈ ਜੋ ਚਰਚਿਤ ਗੀਤਕਾਰ ਤੇ ਪੇਸ਼ਕਾਰ ਅਮਰਦੀਪ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਆਪਣੀ ਪਲੇਠੀ ਟੇਪਇਸ਼ਕ ਮੁਹੱਬਤ ਪਿਆਰਰਾਹੀਂ ਇਸ ਪਿੜ ਵਿੱਚ ਉੱਤਰੀ ਹੈ। ਸਤਾਰਾਂ ਕੁ ਸਾਲ ਇਹ ਭੋਰਾ ਭਰ ਕੁੜੀ ਨੂੰ ਦੇਖ ਕੇ ਸ਼ਾਇਦ ਤੁਹਾਨੂੰ ਇਹ ਯਕੀਨ ਨਾ ਹੋਵੇ ਕਿ ਇਹ ਐਸਾ ਗਾਉਣ ਦੇ ਸਮਰੱਥ ਹੋਵੇਗੀ ਪਰ ਜਦ ਉਹ ਗਾਉਂਦੀ ਹੈ ਤਾਂ ਹਰ ਸੁਣਨ ਵਾਲੇ ਕੰਨ ਤੇ ਹਰ ਵੇਖਣ ਵਾਲੀ ਅੱਖ ਨੂੰ ਪ੍ਰਭਾਵਿਤ ਕਰਦੀ ਹੈ। ਸੱਚਮੁੱਚ ਮੀਨੂੰ ਦੀ ਗਾਇਕੀ ਅਤੇ ਆਵਾਜ਼ ਕੁਦਰਤ ਦਾ ਇੱਕ ਕਰਿਸ਼ਮਾ ਹੀ ਹੈ।
                     ਮਾਨਸਾ ਦੀ ਜੰਮ-ਪਲ ਤੇ ਅੱਜਕੱਲ੍ਹ ਬਠਿੰਡੇ ਰਹਿੰਦੀ ਮੀਨੂੰ ਪਿਤਾ ਗੁਰਕਰਨ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀ ਲਾਡਲੀ ਧੀ ਹੈ ਜਿਸਦੀ ਬਚਪਨ ਤੋਂ ਸੁਰਾਂ ਨਾਲ ਸੰਗਤ ਹੋ ਗਈ ਸੀ। ਮੀਨੂੰ ਦੇ ਪਰਿਵਾਰ ਦਾ ਭਾਵੇਂ ਗਾਇਕੀ ਨਾਲ ਕੋਈ ਸਬੰਧ ਨਹੀਂ ਪਰ ਉਸਨੂੰ ਵੇਖ ਸੁਣ ਕੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਸਿਰਫ ਗਾਉਣ ਲਈ ਹੀ ਪੈਦਾ ਹੋਈ ਹੈ। ਛੋਟੀ ਉਮਰ ਤੋਂ ਹੀ ਉਹ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੰਗੀਤਕ ਮੁਕਾਬਲਿਆਂ ਵਿੱਚ ਹਮੇਸ਼ਾਂ ਜੇਤੂ ਰਹੀ ਹੈ। ਨੌਂ ਸਾਲ ਦੀ ਉਮਰ ਉਹ ਇੱਕ ਨਿੱਜੀ ਚੈਨਲ ਦੁਆਰਾ ਕਰਵਾਏ ਸੰਗੀਤ ਮੁਕਾਬਲੇਖੋਜ ਇੱਕ ਸਟਾਰ ਸਿੰਗਰ ਕੀਵਿੱਚ ਵੀ ਪਹਿਲਾ ਇਨਾਮ ਜਿੱਤ ਚੁੱਕੀ ਹੈ। ਸੰਗੀਤ ਵਿਸ਼ੇ ਵਿੱਚ ਪੀ| ਐਚ| ਡੀ| ਤੱਕ ਦੀ ਪੜ੍ਹਾਈ ਕਰਨ ਦਾ ਸੁਪਨਾ ਪਾਲ ਰਹੀ ਮੀਨੂੰ ਨੇ ਸੰਗੀਤ ਦੀ ਸਿੱਖਿਆ ਜਸਵਿੰਦਰ ਸਿੰਘ ਅਤੇ ਉਸਤਾਦ ਪੂਰਨ ਸ਼ਾਹਕੋਟੀ ਜੀ ਤੋਂ ਪ੍ਰਾਪਤ ਕੀਤੀ ਹੈ ਤੇ ਕਰ ਰਹੀ ਹੈ।
                       ਉਸਦੀ ਜ਼ਿੰਦਗੀ ਵਿੱਚ ਅਸਲ ਮੋੜ ਉਦੋਂ ਆਇਆ ਜਦ ਉਸਦਾ ਮੇਲ ਅਮਰਦੀਪ ਸਿੰਘ ਗਿੱਲ ਨਾਲ ਹੋਇਆ। ਅਮਰਦੀਪ ਨੂੰ ਵੀ ਇਸੇ ਤਰਾਂ ਦੀ ਆਵਾਜ਼ ਦੀ ਹੀ ਤਲਾਸ਼ ਸੀ। ਮੀਨੂੰ ਬਾਰੇ ਅਮਰਦੀਪ ਕਹਿਣਾ ਹੈ ਉਹ ਉਸਦੀ ਹੁਣ ਤੱਕ ਦੀ ਸਭ ਤੋਂ ਸੁਰੀਲੀ ਤੇ ਸ਼ਾਨਦਾਰ ਪੇਸ਼ਕਸ਼ ਹੈ। ਵਿਸ਼ਵ ਪੱਧਰਤੇ ਸਪੀਡ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੀ ਗਈ ਮੀਨੂੰ ਦੀ ਇਸ ਪਲੇਠੀ ਐਲਬਮਇਸ਼ਕ ਮੁਹੱਬਤ ਪਿਆਰ’ ’ ਕੁੱਲ ਨੌਂ ਗੀਤ ਹਨ ਜਿੰਨ੍ਹਾਂ ਵਿੱਚੋਂ ਸੱਤ ਗੀਤ ਅਮਰਦੀਪ ਗਿੱਲ, ਇੱਕ ਗੀਤ ਗੁਰਚਰਨ ਵਿਰਕ ਅਤੇ ਇੱਕ ਗੀਤ ਮਨਪ੍ਰੀਤ ਟਿਵਾਣਾ ਦਾ ਲਿਖਿਆ ਹੋਇਆ ਹੈ। ਐਲਬਮ ਦਾ ਸੰਗੀਤ ਹਰਪ੍ਰੀਤ ਸਿੰਘ ਨਾਂ ਦੇ ਨਵੇਂ ਪਰ ਬੇਹੱਦ ਪ੍ਰਤਿਭਾਸ਼ਾਲੀ ਸੰਗੀਤਕਾਰ ਨੇ ਤਿਆਰ ਕੀਤਾ ਹੈ। ਟੇਪ ਵਿਚਲੇ ਦੋ ਗੀਤਾਂਇਸ਼ਕ ਮੁਹੱਬਤ ਪਿਆਰਤੇਦੀਵਾ ਬਾਲ ਰੱਖਦੇਦੇ ਖ਼ੂਬਸੂਰਤ ਵੀਡੀਓਜ਼ ਜਤਿੰਦਰ ਸਾਈਰਾਜ ਦੀ ਨਿਰਦੇਸ਼ਨਾਂ ਹੇਠ ਫ਼ਿਲਮਾਏ ਜਾ ਚੁੱਕੇ ਹਨ ਜੋ ਜਲਦੀ ਹੀ ਵੱਖ-ਵੱਖ ਸੰਗੀਤਕ ਚੈਨਲਾਂਤੇ ਦੇਖਣ ਨੂੰ ਮਿਲਣਗੇ।ਦੀਵਾ ਬਾਲ ਰੱਖਦੇਗੀਤ 1971 ਦੀ ਜੰਗ ਤੋਂ ਬਾਅਦ ਪਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਜੰਗੀ ਕੈਦੀਆਂ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਨੂੰ ਪੇਸ਼ ਕਰਦਾ ਹੈ। ਇਸ ਗੀਤ ਦੇ ਵੀਡੀਓ ਨੂੰ ਬਣਾਉਣ ਲਈ ਵੀ ਨਿਰਦੇਸ਼ਕ ਜਤਿੰਦਰ ਸਾਈਰਾਜ ਨੇ ਬਹੁਤ ਖੋਜ ਕੀਤੀ ਹੈ ਇਸਦਾ ਪਤਾ ਇੱਥੋਂ ਲਗਦਾ ਹੈ ਕਿ ਇਸ ਵਿੱਚ ਵਿਖਾਏ ਗਏ ਸਭ ਦਸਤਾਵੇਜ਼ ਅਸਲੀ ਹਨ।
                  ਟੇਪ ਦਾ ਇੱਕ ਹੋਰ ਗੀਤਕਿੰਨਾ ਸੋਹਣਾਇਸ਼ਕ ਹਕੀਕੀ ਦੀ ਗੱਲ ਕੁਝ ਇਸ ਤਰਾਂ ਕਰਦਾ ਹੈ
ਤੇਰੇ ਨਾਂ ਦੇ ਅੱਖਰ ਜਿੰਨੇ
ਓਨਾਂ ਪੜ੍ਹਨਾ ਸਿੱਖਿਆ ਮੈਂ
ਲੋਕ ਲੋਕਾਂ ਨਾਲ ਵੈਰ ਕਮਾਉਂਦੇ
ਖ਼ੁਦ ਨਾਲ ਲੜਨਾ ਸਿੱਖਿਆ ਮੈਂ
ਇਸ਼ਕ ਤੇਰੇ ਦੀ ਗੱਡ ਕੇ ਸੂਲੀ
ਉਸਤੇ ਚੜ੍ਹਨਾ ਸਿੱਖਿਆ ਮੈਂ
ਕਦੇਗਿੱਲਝਨਾਂ ਵਿੱਚ ਡੁੱਬਣਾਂ
ਕਦੇ ਥਲ ਵਿੱਚ ਸੜਨਾਂ ਸਿੱਖਿਆ ਮੈਂ।
           ਸ਼ਹੀਦ--ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚਤੇ ਪਹਿਰਾ ਨਾ ਦੇਣ ਵਾਲੇ ਲੋਕਾਂ ਦੀ ਗੱਲ ਕਰਦੇ ਇੱਕ ਗੀਤਮੇਰੇ ਵੀਰ ਭਗਤ ਸਿੰਘਰਾਹੀਂ ਕੁਝ ਇਉਂ ਬਿਆਨ ਕੀਤਾ ਗਿਆ ਹੈ-
ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ
ਨਾਂ ਲੈਂਦੀ ਦੁਨੀਆਂ ਤੇਰਾ ਵੇ
ਪਰ ਸੋਚਤੇ ਖੜ੍ਹਦੀ ਨਾ
ਸੋਹਣਿਆਂ ਵੇ ਤੇਰਾ ਲਿਖਿਆ ਪੜ੍ਹਦੀ ਨਾ
           ਧੀਆਂ ਦੀ ਮਾਨਸਿਕਤਾ ਨੂੰ ਮੀਨੂੰ ਸਿੰਘ ਦੀ ਇਸ ਟੇਪ ਵਿੱਚ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੱਕ ਗੀਤਮਾਏ ਨੀਂਰਾਹੀਂ ਬਾਖ਼ੂਬੀ ਚਿਤਰਿਆ ਹੈ। ਇਸ ਗੀਤ ਦੇ ਬੋਲ ਕੁਝ ਇਸ ਤਰਾਂ ਹਨ-
ਮਾਏ ਨੀਂ ਤੇਰੀ ਛਾਂ ਵਿੱਚ ਬਹਿ ਕੇ
ਬਾਪੂ ਦੇ ਗਰਾਂ ਵਿੱਚ ਰਹਿ ਕੇ
ਤੁਰ ਜਾਣਾ ਅਸੀਂ ਓਥੇ ਜਿੱਥੇ ਦੇਣਾ ਤੁਸੀਂ ਤੋਰ ਨੀਂ
ਆਪੇ ਕਦੇ ਉੱਡਦੇ ਨੇਂ ਕੰਧੋਲੀਆਂ ਤੋਂ ਮੋਰ ਨੀਂ।
          ਟੇਪ ਦੇ ਸਾਰੇ ਦੇ ਸਾਰੇ ਗੀਤ ਹੀ ਆਪਣੀ ਮਿਸਾਲ ਖ਼ੁਦ ਹਨ ਤੇ ਇਸਦੀ ਖ਼ਾਸੀਅਤ ਇਹ ਹੈ ਕਿ ਇਹ ਆਮ ਬਜ਼ਾਰੂ ਗੀਤਾਂ ਦੀ ਐਲਬਮ ਨਾ ਹੋ ਕੇ ਬਹੁਤ ਹੀ ਭਾਵਪੂਰਤ, ਸੂਫ਼ੀਆਨਾ, ਸਾਹਿਤਕ ਤੇ ਸੱਭਿਆਚਾਰਕ ਗੀਤਾਂ ਦਾ ਇੱਕ ਸਾਂਭਣਯੋਗ ਗ਼ੁਲਦਸਤਾ ਹੈ ਜਿਸਨੂੰ ਸੁਣ ਕੇ ਹਰ ਕੋਈ ਖ਼ੁਸ਼ੀ ਤੇ ਮਾਣ ਮਹਿਸੂਸ ਕਰੇਗਾ।
                   ਗ਼ੁਲਾਮ ਅਲੀ, ਨੁਸਰਤ ਫ਼ਤਿਹ ਅਲੀ ਖ਼ਾਨ ਅਤੇ ਲਤਾ ਮੰਗੇਸ਼ਕਰ ਦੀ ਗਾਇਕੀ ਦੀ ਮੁਰੀਦ ਮੀਨੂੰ ਸਿੰਘ ਯਕੀਨਨ ਹੀ ਆਉਣ ਵਾਲੇ ਕੱਲ੍ਹ ਦੀ ਇੱਕ ਵੱਡੀ ਗਾਇਕਾ ਹੋਵੇਗੀ।
ਹਰਿੰਦਰ ਸਿੰਘ ਭੁੱਲਰ
ਫ਼ਿਰੋਜ਼ਪੁਰ
ਮੋਬਾਇਲ-94640-08008
-ਮੇਲ-harinderbhullar420@yahoo.com

No comments:

Post a Comment