Pages

Saturday, June 25, 2011

`ਜੀਹਨੇ ਮੇਰਾ ਦਿਲ ਲੁੱਟਿਆ` ਫ਼ਿਲਮ ਤੋਂ ਕਾਫ਼ੀ ਉਮੀਦਾਂ ਹਨ-ਗਿੱਪੀ ਗਰੇਵਾਲ


                  ਅੱਜ ਤੋਂ ਗਿਆਰਾਂ ਸਾਲ ਪਹਿਲਾਂ ਆਨੰਦ ਸੰਗੀਤ ਕੰਪਨੀ ਵਿੱਚ ਆਈ ਟੇਪ ‘ਚੱਕ ਲੈ’ ਰਾਹੀਂ ਪੰਜਾਬੀ ਗਾਇਕੀ ਦੇ ਪਿੜ ’ਚ ਪੈਰ ਧਰਨ ਵਾਲੇ ਗਾਇਕ ਗਿੱਪੀ ਗਰੇਵਾਲ ਨੇ ਬੜੇ ਘੱਟ ਸਮੇਂ ਵਿੱਚ ਆਪਣੇ ਆਪ ਨੂੰ ਨਾ ਸਿਰਫ਼ ਗਾਇਕੀ ਦੇ ਖੇਤਰ ਵਿੱਚ ਸਥਾਪਿਤ ਕੀਤਾ ਬਲਕਿ ਬੀਤੇ ਵਰ੍ਹੇ ਰਿਲੀਜ਼ ਹੋਈ ਫ਼ਿਲਮ ‘ਮੇਲ ਕਰਾ ਦੇ ਰੱਬਾ’ ਵਿੱਚ ਆਪਣੀ ਅਦਾਕਾਰੀ ਨਾਲ ਆਪਣੇ ਆਪ ਨੂੰ ਇੱਕ ਨਾਇਕ ਵਜੋਂ ਵੀ ਸਾਬਤ ਕੀਤਾ ਹੈ।
               ਆਪਣੀ ਪਹਿਲੀ ਟੇਪ ‘ਚੱਕ ਲੈ’ ਤੋਂ ਲੈ ਕੇ ‘ਦੇਸੀ ਰੌਕਸਟਾਰ’ ਤੱਕ ਗਾਇਕ ਵਜੋਂ ਉਸਦਾ ਗ੍ਰਾਫ਼ ਹਮੇਸ਼ਾ ਉੱਪਰ ਵੱਲ ਹੀ ਗਿਆ ਹੈ। ਇਸ ਪਿੱਛੇ ਉਸਦੀ ਸਖ਼ਤ ਮਿਹਨਤ ਅਤੇ ਗੀਤਾਂ ਦੀ ਚੋਣ ਕਰਨ ਵੇਲੇ ਦੀ ਸੂਝਬੂਝ ਕੰਮ ਕਰਦੀ ਹੈ। ੳਸਦੀਆਂ ਟੇਪਾਂ ਵਿਚਲੇ ਗੀਤ ‘ਅਧੀਏ ਦਾ ਨਸ਼ਾ ਚੜ੍ਹ ਗਿਆ’, ‘ਜਦੋਂ ਕਿਸੇ ਗੱਭਰੂ ’ਤੇ ਦਿਲ ਆ ਗਿਆ’, ‘ਰੱਖ ਹੌਂਸਲਾ ਨੀਂ ਬਿੱਲੋ ਰੱਖ ਹੌਂਸਲਾ’, ‘ਸਦਾ ਨੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ’, ‘ਤੈਨੂੰ ਫ਼ੁੱਲਾਂ ਵਰਗੀ ਕਹੀਏ ਜਾਂ ਫ਼ੁੱਲ ਤੇਰੇ ਵਰਗੇ ਨੇ’, ‘ਹਥਿਆਰ’ ‘ਡਾਂਗ’, ‘ਦੇਸੀ ਜੱਟ’ ਅਤੇ ‘ਸਰਕਾਰਾਂ’ ਨੇ ਲੋਕਪ੍ਰਿਯਤਾ ਦਾ ਅਜਿਹਾ ਆਲਮ ਸਿਰਜਿਆ ਹੈ ਕਿ ਅੱਜ ਹਰ ਗੱਭਰੂ ਅਤੇ ਮੁਟਿਆਰ ਉਸਦੇ ਗੀਤਾਂ ਦੀ ਦੀਵਾਨੀ ਹੈ।
                    ਫ਼ਿਲਮ ‘ਮੇਲ ਕਰਾ ਦੇ ਰੱਬਾ’ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਉਹ ਇੱਕ ਵਾਰ ਫਿਰ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਰਾਹੀਂ ਪਰਦੇ ’ਤੇ ਇੱਕ ਨਾਇਕ ਵਜੋਂ ਆਪਣੀ ਹਾਜ਼ਰੀ ਲਗਵਾਉਣ ਜਾ ਰਿਹਾ ਹੈ। ਨੌਜਵਾਨ ਨਿਰਦੇਸ਼ਕ ਮਨਦੀਪ ਕੁਮਾਰ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਦੂਜਾ ਨਾਇਕ ਗਾਇਕ ਦਿਲਜੀਤ ਦੁਸਾਂਝ ਹੈ। ਯੁਵਾ ਵਰਗ ਦੇ ਹਰਮਨ ਪਿਆਰੇ ਇਹ ਗਾਇਕ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਬਤੌਰ ਹੀਰੋ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਅਤੇ ਬਾਕੀ ਕਲਾਕਾਰਾਂ ਵਿੱਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਸਰਦਾਰ ਸੋਹੀ, ਕਰਮਜੀਤ ਅਨਮੋਲ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਬੀ.ਐੱਨ. ਸ਼ਰਮਾਂ ਅਤੇ ਰਾਣਾ ਜੰਗ ਬਹਾਦਰ ਜਿਹੇ ਫ਼ਿਲਮ ਵਰਗੇ ਅਦਾਕਾਰ ਸ਼ਾਮਲ ਹਨ।
                ਇਸ ਫ਼ਿਲਮ ਨੂੰ ਲੈ ਕੇ ਗਿੱਪੀ ਬਹੁਤ ਉਤਸ਼ਾਹਿਤ ਹੈ ਤੇ ਉਸਨੂੰ ਇਸ ਤੋਂ ਉਮੀਦਾਂ ਵੀ ਬਹੁਤ ਹਨ। ਉਸ ਅਨੁਸਾਰ ਇਸ ਫ਼ਿਲਮ ਦਾ ਵਿਸ਼ਾ ਬੜਾ ਹੀ ਰੌਚਕ ਅਤੇ ਪੂਰੀ ਤਰਾਂ ਨਾਲ ਕਾਮੇਡੀ ਭਰਪੂਰ ਹੈ। ‘ਮੇਲ ਕਰਾ ਦੇ ਰੱਬਾ’ ਵਰਗੀ ਐਕਸ਼ਨ ਫ਼ਿਲਮ ਤੋਂ ਬਾਅਦ ਇੱਕਦਮ ਇਸ ਫ਼ਿਲਮ ਲਈ ਕਾਮੇਡੀ ਰੋਲ ਕਰਨਾ ਉਸ ਲਈ ਇੱਕ ਵੰਗਾਰ ਸੀ ਜਿਸਨੂੰ ਉਸਨੇ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਉਹ ਆਪਣੀ ਇਸ ਕੋਸ਼ਿਸ਼ ਵਿੱਚ ਕਿੰਨਾ ਕੁ ਸਫ਼ਲ ਹੋਇਆ ਹੈ ਇਹ ਤਾਂ ਫ਼ਿਲਮ ਦੇਖਣ ਤੇ ਹੀ ਪਤਾ ਲੱਗੇਗਾ ਪਰ ਬੇਹਤਰੀਨ ਤਕਨੀਕ, ਗੀਤ-ਸੰਗੀਤ ਅਤੇ ਅੱਜ ਦੇ ‘ਹੌਟ’ ਸਿਤਾਰਿਆਂ ਨੂੰ ਲੈ ਕੈ ਬਣਾਈ ਗਈ ਇਸ ਪੰਜਾਬੀ ਫ਼ਿਲਮ ਲਈ ਇਸ ਨਾਲ ਜੁੜੀ ਸਾਰੀ ਹੀ ਟੀਮ ਵਧਾਈ ਦੀ ਹੱਕਦਾਰ ਹੈ।
                             ਹਰਿੰਦਰ ਸਿੰਘ ਭੁੱਲਰ
                            ਫ਼ਿਰੋਜ਼ਪੁਰ
                            ਮੋਬਾਇਲ-94640-08008
                 ਈ-ਮੇਲ-harinderbhulllar420@yahoo.com